History Of Association

ਐਸੋਸੀਏਸ਼ਨ ਦਾ ਇਤਿਹਾਸ


ਪੰਜਾਬ ਗਤਕਾ ਐਸੋਸੀਏਸ਼ਨ ਦੀ ਨੀਂਹ ਮਿਤੀ 29.11.2008 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੀ ਗਈ। ਉਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਜੀ ਦੀ ਹਾਜਰੀ ਵਿੱਚ ਸਮੂਹ ਗਤਕਾ ਪ੍ਰੇਮੀਆਂ ਅਤੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ , ਜਿਸ ਵਿੱਚ ਸਰਬ ਸੰਮਤੀ ਨਾਲ਼ ਸ. ਹਰਚਰਨ ਸਿੰਘ ਭੁੱਲਰ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਸ. ਹਰਜੀਤ ਸਿਘ ਨੂੰ ਬਤੌਰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਇਸ ਤੋਂ ਬਾਅਦ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਰਜਿਸਟਰ ਕਰਵਾਇਆ ਗਿਆ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਐਸੋਸੀਏਸ਼ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਮਿਤੀ 12.12.2015 ਨੂੰ ਸ. ਬਲਜਿੰਦਰ ਸਿੰਘ ਤੂਰ ਨੂੰ ਪੰਜਾਬ ਗਤਕਾ ਐਸੋਸੀਏਸ਼ਨ ਦਾ ਜਨਰਲ ਸਕੱਤਰ ਥਾਪਿਆ ਗਿਆ, ਜੋ ਕਿ ਮੌਜੂਦਾ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮਿਤੀ 07.12.2017 ਤੱਕ ਸ. ਹਰਚਰਨ ਸਿੰਘ ਭੁੱਲਰ ਵੱਲੋਂ ਸ਼ਾਨਦਾਰ 2 ਟਰਮਜ਼ ਪੂਰੀਆਂ ਕੀਤੀਆਂ ਗਈਆਂ, ਉਪਰੰਤ ਸ. ਰਜਿੰਦਰ ਸਿੰਘ ਸੋਹਲ ਨੂੰ ਪ੍ਰਧਾਨ ਥਾਪਿਆ ਗਿਆ।

ਮੌਜੂਦਾ ਸਮੇਂ ਤੱਕ ਐਸੋਸੀਏਸ਼ਨ ਵੱਲੋਂ 6 ਰਾਜ ਪੱਧਰੀ ਚੈਂਪੀਅਨਸ਼ਿਪ ਕਰਵਾਈਆਂ ਜਾ ਚੁੱਕੀਆਂ ਹਨ। ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਨੂੰ ਮਾਨਤਾ ਦਿੱਤੀ ਗਈ ਹੈ। ਸੈਂਕੜੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਅਤੇ ਖਿਡਾਰੀਆਂ ਅਤੇ ਰੈਫਰੀਆਂ ਦੀ ਟ੍ਰੇਨਿੰਗ ਲਈ ਦਰਜਨਾਂ ਕੈਂਪ ਲਗਾਏ ਜਾ ਚੁੱਕੇ ਹਨ।

ਪੰਜਾਬ ਗੱਤਕਾ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਵਿੱਚ ਸਥਾਪਤ ਯੂਨੀਵਰਸਿਟੀਆਂ, ਕਾਲਜਾਂ ਵਿਚ ਗੱਤਕੇ ਨੂੰ ਖੇਡ ਵਜੋਂ ਮਾਨਤਾ ਦਿੱਤੀ ਗਈ ਹੈ।

ਗੁਰੂ ਸਾਹਿਬਾਨ ਦੀ ਸਿੱਖਿਆ ਤੇ ਚਲਦਿਆਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਰਜਾ ਦੇਣ ਲਈ ਵੱਖਰੇ ਤੌਰ ਤੇ "ਮਾਤਾ ਭਾਗ ਕੌਰ" ਗਤਕਾ ਕੱਪ (ਕੇਵਲ ਲੜਕੀਆਂ ਲਈ) ਕਰਵਾਇਆ ਜਾਂਦਾ ਹੈ। ਪੰਜਾਬੀ ਜਾਗਰਣ ਨਾਲ ਮਿਲ ਕੇ ਕਰਵਾਏ ਗਤਕਾ ਕੱਪ ਵੀ ਇਸ ਖੇਡ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ ਸਹਾਈ ਹੋਏ ਹਨ।

ਪੰਜਾਬ ਗੱਤਕਾ ਐਸੋਸੀਏਸ਼ਨ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ।

ਐਸੋਸੀਏਸ਼ਨ ਦਾ ਮੁੱਖ ਉਦੇਸ਼ ਜਿੱਥੇ ਖਿਡਾਰੀਆਂ, ਰੈਫਰੀਆਂ, ਗਤਕਾ ਕੋਚਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣਾ ਹੈ, ਉੱਥੇ ਹੀ ਇਹ ਇਸ ਖੇਡ ਨੂੰ ਬਾਕੀ ਖੇਡਾਂ ਦੇ ਬਰਾਬਰ ਮਾਣ ਦਿਵਾਉਣ ਲਈ ਵੀ ਯਤਨਸ਼ੀਲ ਹੈ।