Our Achievements

ਗਤਕਾ ਪ੍ਰਾਪਤੀਆਂ

ਸੋਟੀ ਦੀ ਲੜਾਈ ਇੱਕ ਪ੍ਰਾਚੀਨ ਭਾਰਤੀ ਜੰਗਜੂ ਸ਼ਸਤਰ ਕਲਾ ਹੈ ਜਿਸਦੀ ਪੁਰਾਤਨ ਸਮੇਂ ਤੋਂ ਹੀ ਮਾਨਵ ਜਾਤੀ ਵੱਲੋਂ ਸਵੈ-ਰੱਖਿਆ ਲਈ ਇਕ ਕਲਾ ਵਜੋਂ ਵਰਤੋਂ ਕੀਤੀ ਜਾ ਰਹੀ ਹੈ। ਇਹ ਰਵਾਇਤੀ ਮਾਰਸ਼ਲ ਕਲਾ ਲਗ-ਭਗ 4 ਹਜ਼ਾਰ ਸਾਲ ਪਹਿਲਾਂ ਹਿੰਦੁਸਤਾਨ ਵਿਚ ਉਪਜੀ ਅਤੇ ਸਮਾਂ ਬੀਤਣ ਨਾਲ ਹੋਰ ਵਿਕਸਿਤ ਹੁੰਦੀ ਗਈ ਜਿਸ ਕਰਕੇ ਇਹ ਸਭ ਜੰਗਜੂ ਕਲਾਵਾਂ (ਆਰਟਸ) ਦੀ ਸਿਰਜਣਹਾਰੀ ਬਣ ਗਈ।ਦੇਸ ਅੰਦਰ 15ਵੀਂ ਸਦੀ ਵਿੱਚ ਅਤੇ ਉਸ ਤੋਂ ਬਾਅਦ ਦੇ ਸਮੇਂ ਦੌਰਾਨ ਇਸ ਜੰਗਜੂ ਕਲਾ ਵਿੱਚ ਗੁਰੂ ਸਾਹਿਬਾਨ ਨੇ ਨਵੀਂ ਰੂਹ ਫੂਕ ਦਿੱਤੀ ਅਤੇ ਇਸ ਪੁਰਾਤਨ ਕਲਾ ਨੂੰ ਗਤਕੇ ਦੇ ਰੂਪ ਵਿੱਚ ਪ੍ਰਫੁਲਿਤ ਕੀਤਾ। ਉਨ੍ਹਾਂ ਹਰ ਵਿਅਕਤੀ ਨੂੰ ਆਪਣੀ ਸਵੈ-ਰੱਖਿਆ ਲਈ ਇਸ ਜੰਗਜੂ ਕਲਾ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਤਾਂ ਜੋ ਆਮ ਵਿਅਕਤੀ ਵੀ ਆਪਣਾ ਜਵਨ ਨਿਰਭਉ ਹੋ ਕੇ ਗੁਜ਼ਾਰ ਸਕੇ। ਅਲ੍ਹਾਰਵੀਂ ਸਦੀ ਤੱਕ ਇਹ ਕਲਾ ਸਿਖਰਾਂ 'ਤੇ ਸੀ ਪਰ ਸਮੇਂ ਦੀਆਂ ਪੇਸ਼ਬੰਦੀਆਂ ਅਤੇ ਜੰਗਾਂ-ਯੁੱਧਾਂ ਵਿੱਚ ਆਧੁਨਿਕਤਾ ਦਾ ਸ਼ੁਮਾਰ ਹੋਣ ਕਾਰਨ ਇਸ ਜੰਗਜੂ ਕਲਾ ਪ੍ਰਤਿ ਲੋਕਾਂ ਦਾ ਮੋਹ ਘੱਟ ਗਿਆ।   ਇਸ ਤੋਂ ਪਹਿਲਾਂ ਹਾਲਾਤ ਇਹ ਬਣੇ ਹੋਏ ਸਨ ਕਿ ਗਤਕਾ ਸਿਰਫ਼ ਨਗਰ ਕੀਰਤਨਾਂ ਦੌਰਾਨ ਪ੍ਰਦਰਸ਼ਨ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ ਤੇ ਅਣਗੌਲੇ ਹੋਣ ਕਰਕੇ ਨੌਜਵਾਨਾਂ ਦਾ ਇਸ ਕਲਾ ਨੂੰ ਸਿੱਖਣ ਪ੍ਰਤੀ ਸ਼ੌਕ ਘੱਟ ਰਿਹਾ ਸੀ। ਇਸ ਵਿਰਾਸਤੀ ਕਲਾ ਨੂੰ ਮਾਨਤਾ ਪ੍ਰਾਪਤ ਖੇਡ ਵਜੋਂ ਪ੍ਰਫੁਲਿਤ ਕਰਨ ਲਈ ਪਿਛਲੀਆਂ ਤਿੰਨ ਸਦੀਆਂ ਤੋਂ ਕਿਸੇ ਨੇ ਵੀ ਹੰਭਲਾ ਨਹੀਂ ਸੀ ਮਾਰਿਆ । ਭਵਿੱਖ ਵਿੱਚ ਅਜਿਹਾ ਸਮਾਂ ਦਰਪੇਸ਼ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਅਲੋਪ ਹੋ ਰਹੀ ਜੰਗਜੂ ਕਲਾ ਦੇ ਦਰਸ਼ਨ ਕਰਨ ਤੋਂ ਵੀ ਮਹਿਰੂਮ ਹੋ ਜਾਂਦੀਆਂ। ਇਸ ਵੇਲੇ ਗਤਕੇ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਾਪਤ ਖੇਡ ਵਜੋਂ ਪ੍ਰਫੁਲਿਤ ਕਰਨ ਲਈ ਸਮਰਪਿਤ ਰਜਿਸਟਰਡ ਖੇਡ ਸੰਸਥਾਵਾਂ, ਵਰਲਡ ਗਤਕਾ ਫੈਡਰੇਸ਼ਨ, ਏਸ਼ੀਅਨ ਗਤਕਾ ਫੈਡਰੇਸ਼ਨ, ਕਾਮਨਵੈਲਥ ਗਤਕਾ ਫੈਡਰੇਸ਼ਨ,ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਇਸ ਮਾਰਸ਼ਲ ਆਰਟ ਨੂੰ ਦੂਜੀਆਂ ਸਥਾਪਿਤ ਭਾਰਤੀ ਖੇਡਾਂ ਦੀ ਤਰ੍ਹਾਂ ਮੁੜ ਸੁਰਜੀਤ ਕਰਨ ਅਤੇ ਹਰਮਨ-ਪਿਆਰਾ ਬਣਾਉਣ ਲਈ ਦ੍ਰਿੜ ਸੰਕਲਪ ਦੀਆਂ ਧਾਰਨੀ ਹਨ। ਇਨ੍ਹਾਂ ਖੇਡ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਚੇਚੇ ਯਤਨਾਂ ਸਦਕਾ ਹੀ ਗਤਕਾ ਅੱਜ ਸਮੁੱਚੇ ਦੇਸ਼ ਭਰ ਵਿੱਚ ਪ੍ਰਮਾਣਿਤ ਖੇਡ ਵਜੋਂ ਪ੍ਰਚਲਿਤ ਅਤੇ ਮਕਬੂਲ ਹੋਇਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਹਰਮਨ ਪਿਆਰਾ ਬਣ ਗਿਆਹੈ।  ਇਹ ਦੱਸਣਯੋਗ ਹੈ ਕਿ ਪ੍ਰਚਲਿਤ ਗਤਕਾ ਖੇਡ ਆਮ ਤੌਰ 'ਤੇ ਦੋ ਖਿਡਾਰੀਆਂ ਵੱਲੋਂ ਸੋਟੀ ਨਾਲ ਹੀ ਖੇਡੀ ਜਾਂਦੀ ਹੈ ਅਤੇ ਇਹ ਸਵੈ- ਰੱਖਿਆ ਦੀ ਖੇਡ ਹੋਣ ਕਰਕੇ ਲੜਕੀਆਂ ਵਿੱਚ ਵੀ ਮਕਬੂਲੀਅਤ ਹਾਸਲ ਕਰ ਚੁੱਕੀ ਹੈ। ਗਤਕਾ ਫੈਡਰੇਸ਼ਨਾਂ ਵੱਲੋਂ ਪ੍ਰਮਾਣਿਤ ਨਿਯਮਾਂਵਲੀ ਅਨੁਸਾਰ ਗਤਕੇ ਨੂੰ ਖੇਡ ਵਜੋਂ ਮਾਨਤਾ ਮਿਲਣ ਨਾਲ ਹੁਣ ਸਭ ਧਰਮਾਂ ਤੇ ਵਰਗਾਂ ਦੇ ਖਿਡਾਰੀ ਖੇਡ ਪੁਸ਼ਾਕ ਵਿੱਚ ਗਤਕਾ ਖੇਡ ਸਕਦੇ ਹਨ ਤੇ ਇਸ ਰਾਹੀਂ ਖਿਡਾਰੀ ਨੂੰ ਸੱਟ-ਚੋਟ ਲੱਗਣ ਦਾ ਵੀ ਕੋਈ ਡਰ ਨਹੀਂ ਰਹਿੰਦਾ।

ਹੁਣ ਤੱਕ ਕੀਤੀਆਂ ਪ੍ਰਾਪਤੀਆਂ ਵਿੱਚੋਂ ਕੁਝ ਕੁ ਆਪ ਨਾਲ ਸਾਂਝੀਆਂ ਕਰਦੇ ਹਾਂ:

1- ਪੰਜਾਬ ਉਲੰਪਿਕ ਐਸੋਸੀਏਸ਼ਨ ਰਜਿ. ਨੇ ਪੰਜਾਬ ਗਤਕਾ ਐਸੋਸੀਏਸ਼ਨ ਨੂੰ ਐਫੀਲੀਏਸ਼ਨ ਦੇ ਦਿੱਤੀ ਹੈ।

2- ਰਵਾਇਤੀ ਮਾਰਸ਼ਲ ਆਰਟ ਦੀ ਸਦੀਵੀ ਵਿਰਾਸਤੀ ਸੰਭਾਲ ਅਤੇ ਇਸ ਨੂੰ ਵਿਧੀਵਤ ਢੰਗ ਨਾਲ ਵਿਕਸਿਤ ਕਰਨ ਲਈ ‘ਵਿਰਸਾ ਸੰਭਾਲ ਗਤਕਾ’ ਮੁਕਾਬਲਿਆਂ ਦੀ ਲੜੀ ਅਰੰਭੀ ਹੈ। ਇਸ ਮੁਹਿੰਮ ਤਹਿਤ ਗਤਕਾ ਐਸੋਸੀਏਸ਼ਨਾਂ ਵੱਲੋਂ ਹਰ ਸਾਲ ਰਵਾਇਤੀ ਬਾਣੇ ਵਿੱਚ ਹੀ ਗਤਕਾ ਟੂਰਨਾਮੈਂਟ ਕਰਵਾਏਜਾਇਆ ਕਰਨਗੇ।

3- ਸਿੱਖ ਮਾਰਸ਼ਲ ਆਰਟ ਗਤਕਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪ੍ਰਚਾਰਨ ਲਈ ਗਤਕਾ ਐਸੋਸੀਏਸ਼ਨਾਂ ਅਤੇ ਗਤਕਾ ਫੈਡਰੇਸ਼ਨਾਂ ਵੱਲੋਂ ਗਤਕੇ ਦੇ ਇਤਿਹਾਸ ਬਾਰੇ ਇਕ ਦਸਤਾਵੇਜ਼ੀ ਫ਼ਿਲਮ ਨਿਰਮਾਣ ਅਧੀਨ ਹੈ। ਇਸ ਤੋਂ ਇਲਾਵਾ ਵੈੱਬ ਦੁਨੀਆ ਨੂੰ ਗਤਕੇ ਦੀ ਸਹੀ ਜਾਣਕਾਰੀ ਦੇਣ ਲਈ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੀਆਂ ਵੈਬਸਾਇਟਾਂ ਵੀ ਚਲਾਈਆਂ ਹਨ।

4- ਗਤਕਾ ਫੈਡਰੇਸ਼ਨਾਂ ਵੱਲੋਂ ਪਹਿਲੀ ਵਾਰ ਪੰਜਾਬ ਰਾਜ ਸੀਨੀਅਰ ਮਹਿਲਾ ਗਤਕਾਓਪਨ ਚੈਂਪੀਅਨਸ਼ਿਪ-2012 ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਖੇ 11 ਮਾਰਚ, 2012 ਨੂੰ ਕਰਵਾਈ ਗਈ। ਇਸ ਤੋਂ ਇਲਾਵਾ ਪਹਿਲੀ ਪੰਜਾਬ ਰਾਜ ਜੂਨੀਅਰ ਮਹਿਲਾ ਗਤਕਾ ਓਪਨ ਚੈਂਪੀਅਨਸ਼ਿਪ-2012 ਨੂੰ ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ 13 ਅਪ੍ਰੈਲ, 2012 ਨੂੰ ਆਯੋਜਿਤ ਕੀਤੀ ਗਈ। ਇੱਥੋਂ ਤੱਕ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਜਿੱਥੇ ਪਹਿਲਾਂ ਆਮ ਕਰਕੇ ਗਤਕੇ ਉੱਪਰ ਸਿਰਫ਼ ਮਰਦਾਂ ਦੀ ਹੀ ਸਰਦਾਰੀ ਹੁੰਦੀ ਸੀ, ਹੁਣ ਉੱਥੇ ਔਰਤਾਂ ਨੇ ਵੀ ਇਸ ਖੇਤਰ ਵਿੱਚ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।

5- ਗਤਕਾ ਐਸੋਸੀਏਸ਼ਨ ਨੇ ਪਹਿਲੀ ਪੰਜਾਬ ਰਾਜ ਸੀਨੀਅਰ ਗਤਕਾ ਓਪਨ ਚੈਪੀਅਨਸ਼ਿਪ-2011 ਮੋਹਾਲੀ ਅਜੀਤਗੜ੍ਹ ਵਿਖੇ 4 ਮਾਰਚ ਤੋਂ 6 ਮਾਰਚ, 2011 ਸਫ਼ਲਤਾਪੂਰਵਕ ਆਯੋਜਿਤ ਕਰਵਾਈ।

6- ਗਤਕਾ ਫੈਡਰੇਸ਼ਨ ਨੇ ਪਹਿਲੀ ਰਾਸ਼ਟਰੀ ਗਤਕਾ ਓਪਨ ਚੈਂਪੀਅਨਸ਼ਿਪ 2011 ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ, ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ 11 ਤੋਂ 13 ਨਵੰਬਰ ਤੱਕ ਆਯੋਜਿਤ ਕੀਤੀ।

7- ਗਤਕਾ ਫੈਡਰੇਸ਼ਨ ਦੇ ਯਤਨਾਂ ਸਦਕਾ ਹੀ ਦੇਸ਼ ਦੇ ਸਮੂਹ ਸਕੂਲਾਂ ਵਿੱਚ ਗਤਕੇ ਨੂੰ ਖੇਡ ਵਜੋਂ ਮਾਨਤਾ ਮਿਲ ਚੁੱਕੀ ਹੈ।ਕਿਉਂਕਿ ਸਕੂਲ ਗੇਮਜ਼ ਆਫ਼ ਇੰਡੀਆ ਐਸ.ਜੀ.ਐਫ ਆਈ. ਨੇ ਰਾਸ਼ਟਰੀ ਸਕੂਲ ਖੇਡਾਂ ਦੇ ਕੈਲੰਡਰ ਵਿੱਚ ਗਤਕੇ ਨੂੰ ਇਕ ਖੇਡ ਵਜੋਂ ਸ਼ਾਮਲ ਕਰ ਲਿਆ ਹੈ।

8- ਗਤਕੇ ਐਸੋਸੀਏਸ਼ਨ ਵੱਲੋਂ ਕੀਤੇ ਯਤਨਾਂ ਸਕਦਾ ਹੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਾਲ 2009 ਤੋਂ ਗਤਕੇ ਨੂੰ ਪੰਜਾਬ ਦੇ ਸਮੁੱਚੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਖੇਡ ਕੈਲੰਡਰਾਂ ਵਿੱਚ ਇਕ ਖੇਡ ਵਜੋਂ ਸ਼ਾਮਲ ਕਰਨ ਨਾਲ ਇਸ ਭਾਰਤੀ ਪ੍ਰਾਚੀਨ ਮਾਰਸ਼ਲ ਆਰਟ ਨੂੰ ਹੋਰ ਹੁਲਾਰਾ ਮਿਲਿਆ ਹੈ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਾਲ 2009 ਤੋਂ ਹੀ ਸਕੂਲੀ ਬੱਚਿਆਂ ਦੇ ਰਾਜ ਪੱਧਰ 'ਤੇ ਅੰਤਰ-ਜ਼ਿਲ੍ਹਾ ਗਤਕਾ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ ਨੇ ਗਤਕਾ ਐਸੋਸੀਏਸ਼ਨ ਦੀ ਬੇਨਤੀ ਉੱਪਰ ਸਿਲੇਬਸ ਦੀਆਂ ਕਿਤਾਬਾਂ ਵਿੱਚ ਗਤਕੇ ਦੇ ਪਾਠ ਸ਼ਾਮਲ ਕਰ ਲਏ ਹਨ ਤਾਂ ਜੋ ਵਿਦਿਆਰਥੀ ਸਵੈਮਾਣ ਵਾਲੀ ਸਵੈ-ਰੱਖਿਆ ਦੀ ਇਸ ਇਤਿਹਾਸਿਕ ਤੇ ਮਹੱਤਵਪੂਰਨ ਕਲਾ ਬਾਰੇ ਹੋਰ ਗਿਆਨ ਹਾਸਲ ਕਰ ਸਕਣ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਸੱਭਿਆਚਾਰਕ ਮੁਕਾਬਲਿਆਂ ਦੌਰਾਨ ਗਤਕਾ ਪ੍ਰਦਰਸ਼ਨੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਹੋਰਨਾਂ ਮਾਨਤਾ ਪ੍ਰਾਪਤ ਖੇਡਾਂ ਵਾਂਗ ਹੁਣ ਸਕੂਲ ਬੋਰਡ ਨੇ ਗਤਕਾ ਖਿਡਾਰੀਆਂ ਨੂੰ ਵੀ ਸਲਾਨਾ ਪ੍ਰਯੋਗੀ ਇਮਤਿਹਾਨਾਂ ਵਿੱਚ ਵਾਧੂ ਤਿੰਨ ਅੰਕ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

9- ਗਤਕਾ ਫੈਡਰੇਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਗਤਕੇ ਦੇ ਹਰ ਸਾਲ ਸਥਾਪਿਤ ਖੇਡ ਮੁਕਾਬਲੇ ਆਯੋਜਿਤ ਕਰਵਾਏ ਜਾਣ। ਇਸੇ ਕੜੀ ਵਜੋਂ ੧ਓ ਚੈਰੀਟੇਬਲ ਸੀਚੇਵਾਲ ਦੇ ਸੰਚਾਲਕ, ਉਘੇ ਵਾਤਾਵਰਨ ਪ੍ਰੇਮੀ ਤੇ ਖੇਡ ਪ੍ਰੋਮੋਟਰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੇ ਸਹਿਯੋਗ ਨਾਲ ਪਿੰਡ ਸੀਚੇਵਾਲ ਜਲੰਧਰ ਵਿਖੇ ਮਈ ਮਹੀਨੇ ਕੌਮੀ ਪੱਧਰ ਦਾ ‘ੴ ਗਤਕਾ ਕੱਪ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸਾਲ 2018 ਤੱਕ 7 ੧ਓ ਗਤਕਾ ਕੱਪ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ। ਚੈਂਪੀਅਨਸ਼ਿਪ ਜੇਤੂ ਗਤਕਾ ਟੀਮ ਨੂੰ ਟਰਸਟ ਵਲੋਂ ਹਰ ਸਾਲ ਚਲੰਤ ਟਰਾਫ਼ੀ ਦਿੱਤੀ ਜਾਂਦੀ ਹੈ। ਇਸ ਗਤਕਾ ਕੱਪ ਨੂੰ ਗਤਕਾ ਫੈਡਰੇਸ਼ਨ ਵੱਲੋਂ ਰਾਸ਼ਟਰੀ ਟੂਰਨਾਮੈਂਟਦਾ ਦਰਜਾ ਦੇ ਦਿੱਤਾ ਗਿਆ ਹੈ।

10- ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀਜਦੋਂ ਲਾਹੌਰ ਵਿਖੇ ਸਥਾਪਿਤ ਸੀ ਤਾਂ ਉਦੋਂ ਇਹ ਗਤਕਾ ਖੇਡ ਵਿੱਚ ਮਾਰਗ ਦਰਸ਼ਕ ਯੂਨੀਵਰਸਿਟੀ ਸੀ । ਇਸ ਯੂਨੀਵਰਸਿਟੀ ਵੱਲੋਂ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਨਿਯਮਿਤ ਤੌਰ 'ਤੇ ਅੰਤਰ-ਕਾਲਜ ਅਤੇ ਅੰਤਰ-ਰਾਸ਼ਟਰੀ ਗਤਕਾ ਟੂਰਨਾਮੈਂਟ ਕਰਵਾਏ ਜਾਂਦੇ ਸਨ ਅਤੇ ਇਸ ਯੂਨੀਵਰਸਿਟੀ ਦੇ ਖੇਡ ਵਿਭਾਗ ਨੇ ਸਾਲ 1936 ਵਿਚ ਗਤਕਾ ਖੇਡ ਦੀ ਨਿਯਮਾਂਵਲੀ ਤਿਆਰ ਕੀਤੀ ਸੀ।ਉਸੇ ਤਰਜ਼ ਤੇ ਗਤਕਾ ਫੈਡਰੇਸ਼ਨ ਨੇ ਗਤਕਾ ਖਿਡਾਰੀਆਂ ਲਈ ਪ੍ਰਚਲਿਤ ਖੇਡ ਪੁਸ਼ਾਕ ਅਪਣਾ ਕੇ ਇਸ ਕਲਾ ਨੂੰ ਬਤੌਰ ਖੇਡ ਵਜੋਂ ਪ੍ਰਚਲਿਤ ਕੀਤਾਹੈ।

11- ਗਤਕਾ ਫੈਡਰੇਸ਼ਨਾਂ ਦੇ ਸਹਿਯੋਗ ਨਾਲ ਗਤਕਾ ਖੇਡਣ ਲਈ ਨਿਯਮਾਂ ਸੰਬੰਧੀ ਪਹਿਲੀ ਵਾਰ ‘ਸਚਿੱਤਰ ਗਤਕਾ ਨਿਯਮਾਂਵਲੀ ਰੂਲਜ਼ ਬੁੱਕ ਤਿਆਰ ਕੀਤੀ ਹੈ ਜਿਸ ਮੁਬਾਤਿਕ ਹਰ ਤਰ੍ਹਾਂ ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਗਤਕਾ ਆਫੀਸ਼ੀਅਲਾਂ ਨੂੰ ਸਿਖਲਾਈ ਕੈਂਪਾਂ ਰਾਹੀਂ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਗਤਕਾ ਨਿਯਮਾਂਵਲੀ ਨੂੰ ਸੰਨ ਸਾਲ 2016 ਵਿੱਚ ਸੋਧ ਤੋਂ ਬਾਅਦ, ਦੁਬਾਰਾ ਛਪਵਾਇਆ ਹੈ ਅਤੇ ਇਸ ਨੂੰ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਛਾਪਿਆ ਜਾਵੇਗਾ।

12- ਗਤਕਾ ਫੈਡਰੇਸ਼ਨ ਨੇ ਗਤਕਾ ਨਿਯਮਾਂਵਲੀ ਮੁਤਾਬਿਕ ਖਿਡਾਰੀਆਂ ਲਈ ਖੇਡ ਪੁਸ਼ਾਕ ਅਪਣਾਈ ਹੈ। ਗਤਕਾ ਖੇਡ ਦੌਰਾਨ ਰੈਫਰੀ, ਕੋਚ ਅਤੇ ਆਫੀਸ਼ੀਅਲ ਆਪਣੇ ਨਿਰਧਾਰਤ ਕੋਸਟਿਊਮ ਪਾਉਣਗੇ। ‘ਵਿਰਸਾ ਸੰਭਾਲ ਗਤਕਾ’ ਮੁਕਾਬਲਿਆਂ ਦੌਰਾਨ ਕਲਾ ਦੀ ਸਦੀਵੀ ਵਿਰਾਸਤੀ ਸੰਭਾਲ ਲਈ ਗਤਕਾ ਖਿਡਾਰੀਆਂ, ਰੈਫਰੀ, ਕੋਚਾਂ ਅਤੇ ਆਫ਼ੀਸ਼ੀਅਲਾਂ ਲਈਰਵਾਇਤੀਬਾਣਾ ਪਹਿਨਣਾ ਲਾਜ਼ਮੀ ਹੈ।

13- ਵੱਖ-ਵੱਖ ਰਾਜਾਂ ਦੇ ਗਤਕਾ ਆਫ਼ੀਸ਼ਅਲ, ਰੈਫਰੀ, ਕੋਚ, ਜੱਜ-ਮੈਂਟ ਅਤੇ ਤਕਨੀਕੀ ਸਹਾਇਕਾਂ ਨੂੰ ਸਿਖਲਾਈ ਦੇਣ ਲਈ ਗਤਕਾ ਫੈਡਰੇਸ਼ਨ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਿਖਲਾਈ ਕੈਂਪ, ਸੈਮੀਨਾਰ ਅਤੇ ਵਰਕਸ਼ਾਪਾਂ ਵੀ ਆਯੋਜਿਤ ਕਰਵਾਉਂਦੀ ਹੈ ਜਿਸ ਦੌਰਾਨ ਉਨ੍ਹਾਂ ਨੂੰ ਅਤਿ-ਆਧੁਨਿਕ ਢੰਗ ਤਰੀਕੇ ਨਾਲ ਇੱਕ-ਇੱਕ ਹਫ਼ਤੇ ਦੇ ਵਿਸ਼ੇਸ਼ ਮੁਫ਼ਤ ਸਮਰ ਕੈਂਪ ਲਾਏ ਜਾਣ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀ ਨੂੰ ਗਤਕੇ ਵੱਲ ਪ੍ਰੇਰਿਤ ਕੀਤਾ ਜਾ ਸਕੇ ।

14- ਗਤਕਾ ਆਫ਼ਸ਼ੀਅਲਾਂ ਨੂੰ ਸਰਟੀਫਾਇਡ ਕਰਨ ਲਈ ਗਤਕਾ ਫੈਡਰੇਸ਼ਨ ਵੱਲੋਂ ਪਹਿਲੀ ਵਾਰ “ਆਫ਼ੀਸ਼ੀਅਲ ਸਰਟੀਫਿਕੇਸ਼ਨ ਟੈਸਟ ਸ਼ੁਰੂ ਕੀਤਾ ਗਿਆਹੈ ਜਿਸ ਦੇ ਆਧਾਰ 'ਤੇ ਮਾਨਤਾ ਪ੍ਰਾਪਤ ਗਤਕਾਆਫ਼ੀਸ਼ੀਅਲਾਂ ਦੀ ਅਗਲੇ ਤਿੰਨ ਸਾਲਾਂ ਦੀ ਮਿਆਦ ਲਈ ਜ਼ਿਲ੍ਹਾ, ਸੂਬਾਈ ਅਤੇ ਕੌਮੀ ਪੱਧਰ 'ਤੇ ਗ੍ਰੇਡੇਸ਼ਨ ਕੀਤੀ ਜਾਵੇਗੀ। ਅਜਿਹੇ ਟੈਸਟ ’ਤੋਂ ਬਿਨਾਂ ਕੋਈ ਗਤਕਾ ਖਿਡਾਰੀ, ਰੈਫਰੀ, ਕੋਚ, ਜੱਜਮੈਂਟ ਅਤੇ ਤਕਨੀਕੀ ਸਹਾਇਤਾ ਵਜੋਂ ਡਿਊਟੀ ਨਹੀਂ ਕਰ ਸਕੇਗਾ।

15- ਗਤਕਾ ਫੈਡਰੇਸ਼ਨ ਨੇ ਗਤਕਾ ਖੇਡ ਵਿੱਚ ਨਵੀਨਤਾ ਲਿਆਉਣ ਤੇ ਟੂਰਨਾਮੈਂਟ ਦੌਰਾਨ ਵਧੇਰੇ ਆਕਰਸ਼ਨ ਪੈਦਾ ਕਰਨ ਲਈ ਸਕੋਰ ਬੋਰਡ 'ਤੇ ਤੁਰੰਤ ਜਾਣਕਾਰੀ ਦੇਣ, ਖਿਡਾਰੀਆਂ ਦੀ ਰਜਿਸਟ੍ਰੇਸ਼ਨ, ਰੈਫ਼ਰੀ ਅਤੇ ਜੱਜਮੈਂਟ ਦਾ ਕੰਮ ਕੰਪਿਊਟਰੀਕ੍ਰਿਤ ਕਰਨ ਅਤੇ ਮੈਚਾਂ ਦੀ ਰੀਪਲੇਅ ਸਕਰੀਨ 'ਤੇ ਕਰਵਾਉਣ, ਗਤਕਾ ਆਫੀਸ਼ੀਅਲਾਂ ਤੇ ਖਿਡਾਰੀਆਂ ਨੂੰ ਰੈਕਿੰਗ ਤੇ ਗ੍ਰੇਡੇਸ਼ਨ ਦੇਣ ਲਈ ਵਿਸ਼ੇਸ਼ ਪਛਾਣ ਨੰਬਰ, ਬਾਰਕੋਡ ਵਾਲੇ ਸਮਾਰਟ ਪਛਾਣ ਪੱਤਰ, ਸਰਟੀਫਿਕੇਟਾਂ ਤੇ ਹੋਲੋਗ੍ਰਾਮ,ਗਤਕਾ ਖੇਡਣ ਲਈ ਸਿੰਥੈਟਿਕ ਗਰਾਊਂਡ ਤਿਆਰ ਕਰਨ ਦੀ ਯੋਜਨਾਉਲੀਕੀ ਹੈ ਤੇ ਇਸ ਦਿਸ਼ਾ ਵਿੱਚ ਕਾਰਜ ਚਲ ਰਹੇ ਹਨ।

16- ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਹੋਏ ਐਮ.ਓ ਯੂ ਤਹਿਤ ਗਤਕੇ ਦੀ ਸਿਖਲਾਈ ਲਈ ਇਕ ਸਾਲ ਦਾ ਡਿਪਲੋਮਾਕੋਰਸ ਸ਼ੁਰੂ ਕਰ ਦਿੱਤਾ ਗਿਆ ਹੈ।

17- ਗਤਕਾ ਫੈਡਰੇਸ਼ਨ ਨੇ ਦੇਸ਼ ਵਿੱਚ ਗਤਕਾ ਖੇਡ ਨੂੰ ਉਤਸ਼ਾਹਿਤ ਕਰਨ ਲਈ ਇਕ ਦਰਜਨ ਤੋਂ ਵੱਧ ਰਾਜਾਂ ਵਿੱਚ ਗਤਕਾ ਐਸੋਸੀਏਸ਼ਨਾਂ ਸਥਾਪਿਤ ਕੀਤੀਆਂ ਹਨ।

18- ਪਹਿਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 9-10 ਫਰਵਰੀ 2016 ਨੂੰ ਹੋਈ ਅਤੇ ਹਰ ਸਾਲ ਨਿਰੰਤਰ ਰੂਪ ਵਿੱਚ ਹੋ ਰਹੀ ਹੈ।

19- ਵਿਸ਼ਵ ਗਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਗਤਕੇ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਦੀ ਵਿਉਂਤਬੰਦੀ ਕੀਤੀ ਹੋਈ ਹੈ। ਗਤਕਾ ਫੈਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੀਆਂ ਸਮੂਹ ਰਾਜ ਸਰਕਾਰਾਂ ਅਤੇ ਕੇਂਦਰੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਗਤਕਾ ਖੇਡ ਹੋਰਨਾਂ ਖੇਡਾਂ ਵਾਂਗ ਮਾਨਤਾ ਦੇ ਕੇ ਸਰਟੀਫਿਕੇਟਾਂ ਦੀ ਗਰੇਡੇਸ਼ਨ ਕੀਤੀ ਜਾਵੇ ਤਾਂ ਜੋ ਸਮੂਹ ਮਾਰਸ਼ਲ ਆਰਟਾਂ ਦੇ ਸਿਰਜਕ, ਦੇਸ਼ ਵਾਸੀਆਂ ਦੇ ਪਰਖੇ ਹੋਏ ਤੇ ਜੰਗਾਂ-ਯੁੱਧਾਂ ਦੌਰਾਨ ਅਮਲ ਵਿਚ ਲਿਆਂਦੇ ਗਏ ਮਾਰਸ਼ਲ ਆਰਟ ਗਤਕਾਂ ਨੂੰ ਬਣਦੀ ਮਾਨਤਾ ਮਿਲ ਸਕੇ। ਭਾਰਤ ਦੀ ਇਸ ਪੁਰਾਤਨ ਵਿਰਾਸਤੀ ਖੇਡ ਨੂੰ ਅਜਿਹੀ ਮਾਨਤਾ ਦੇਣ ਨਾਲ ਦੇਸ਼ ਦੇ ਉਨ੍ਹਾਂ ਸਤਿਕਾਰਤ ਅਤੇ ਮਹਾਨ ਗੁਰੂਆਂ, ਪੀਰਾਂ, ਸੰਤਾਂ-ਸਾਧੂਆਂ ਨੂੰ ਦੇਰ ਨਾਲ ਭੇਟ ਕੀਤੀ ਨਿਮਰਤਾ ਭਰਪੂਰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਵਾਸੀਆਂ ਲਈ ਇਸ ਮਾਰਸ਼ਲ ਆਰਟ ਦੀ ਸਿਰਜਣਾ ਕੀਤੀ ਅਤੇ ਇਸ ਦੇ ਵਿਕਾਸ ਤੇ ਪ੍ਰਚਾਰ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਅਗਵਾਈ ਵੀ ਦਿੱਤੀ ਹੈ।  ਸਾਡਾ ਇਹ ਪੂਰਨ ਭਰੋਸਾ ਹੈ ਕਿ ਗਤਕੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਖੇਡ ਵਜੋਂ ਰੁਤਬਾ ਪ੍ਰਦਾਨ ਕਰਨ ਨਾਲ ਸਿਰਫ਼ ਫਿਰਕੂ ਇਕਸੁਰਤਾ ਅਤੇ ਵਿਸ਼ਵ-ਵਿਆਪੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ ਬਲਕਿ ਸਮੂਹ ਦੇਸ਼ਾਂ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਪ੍ਰਚਾਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਗਤਕਾ ਖੇਡ ਨੂੰ ਅਜਿਹੀ ਮਾਨਤਾ ਦੇਣ ਨਾਲ ਭਾਰਤ ਨੂੰ ਦੁਨੀਆ ਵਿੱਚ ਮੋਹਰੀ ਹੋ ਕੇ ਉਭਾਰਨ ਦਾ ਮੌਕਾ ਨਸੀਬ ਹੋਵੇਗਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ, ਅਨੇਕਤਾ ਦੇ ਵਿਸ਼ਾਲਤਾਣੇ-ਬਾਣੇ ਹੇਠ ਨਿਰਪੱਖਤਾ ਅਤੇ ਏਕਤਾ ਨੂੰ ਸਦੀਵੀ ਕਾਇਮ ਰੱਖਣ ਅਤੇ ਵੱਧਣ- ਫੁੱਲਣ ਦੇ ਮੌਕੇ ਪ੍ਰਦਾਨ ਕਰਨ ਦਾ ਵੱਡਾ ਮੁਦੱਈ ਹੈ।  ਇਨ੍ਹਾਂ ਯਤਨਾਂ ਨੂੰ ਨੇਪਰੇ ਚਾੜ੍ਹਨ ਲਈ ਆਪ ਸਭ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਮਾਰਸ਼ਲ ਖੇਡ ਗਤਕਾ ਨੂੰ ਸਮੁੱਚੀ ਦੁਨੀਆ ਅੱਗੇ ਨਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਅਤੇ ਇਨ੍ਹਾਂ ਯਤਨਾਂ ਦੀ ਸਫਲਤਾ ਲਈ ਆਪਣੇ ਬਲਬੂਤੇ ਕੰਮ ਕਰ ਰਹੀਆਂ ਗਤਕਾ ਖੇਡ ਸੰਸਥਾਵਾਂ (ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ਼ ਇੰਡੀਆ) ਨੂੰ ਦਿਲੋਂ ਪੂਰਨ ਸਹਿਯੋਗ ਅਤੇ ਸਹਾਇਤਾ ਦੇਣ !