History Of Gatka

ਇਤਿਹਾਸ

                                                                                    
ਗਤਕਾ ਸਿੱਖ ਧਰਮ ਅੰਦਰ ਸ਼ਸਤ੍ਰ ਵਿਦਿਆ ਨੂੰ ਗਤਕਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ ਪਰ ਗਤਕਾ ਇਕ ਅੱਲਗ ਸ਼ਸਤ੍ਰ ਹੈ। ਜੋਕਿ ਲੰਬਾਈ ਵਿੱਚ ੩੯ ਇੰਚ ਦੀ ਸੋਟੀ,ਜਿਸ ਉਪਰ ਕਪੜੇ ਦੀ ਜਾਂ ਸੁਤੀ ਨਵਾਰ, ਚਮੜਾ ਜਾਂ ਫੇਰ ਪਲਾਸਟਿਕ ਕਵਰ ਕੀਤਾ ਹੁੰਦਾ ਹੈ ਅਤੇ ਮੁੱਠ ਉਪਰ ਹੱਥ ਤੋਂ ਬਚਾਅ ਲਈ ਇਕ ਗੋਲ ਲਾਟੂ ਤੇ ਹੇਠਾਂ ਇਕ ਪਰਜ ਲਗੀ ਹੁੰਦੀ ਹੈ,ਜਿਸ ਉਪਰ ਕਪੜੇ ਜਾਂ ਚਮੜੇ ਦਾ ਕਵਰ ਲਗਿਆ ਹੁੰਦਾ ਹੈ।

ਗਤਕਾ ਸ਼ਸਤ੍ਰ ਨੂੰ ਭਗਉਤਾ,ਆਸਾ, ਠੇਗਾ, ਲਗੁੜ, ਮੁਦਗਰ, ਡੰਡ ,ਮੁਤ ਹਿਰਾ , ਫਾਰਸੀ ਵਿੱਚ ਖੁਤਕਾ ਤੇ ਤੁਰਕੀ ਵਿਚ ਕੁਤਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿੱਖ ਧਰਮ ਅੰਦਰ ਮੀਰੀ - ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਜਦੋਂ ਛੇਂਵੇ ਪਾਤਿਸ਼ਾਹ ਜੀ ਨੇ ਸ਼ਸਤ੍ਰ ਵਿੱਦਿਆ ਹਰੇਕ ਸਿੱਖ ਲਈ ਜਰੂਰੀ ਕਰਾਰ ਦਿੱਤੀ ਤਾਂ ਗਤਕਾ ਖੇਡ ਵੀ ਉਸੀ ਸਮੇਂ ਸਾਮਿਲ ਕੀਤੀ ਗਈ। ਇਸ ਸ਼ਸਤ੍ਰ ਨਾਲ ਹੀ ਸ਼ਸਤ੍ਰ ਵਿਦਿਆ ਦੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਰੂਆਤ ਕੀਤੀ ਜਾਂਦੀ ਹੈ।

ਇਤਿਹਾਸ ਵਿਚ ਜਿਕਰ ਆਉਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਤੱਕ ਗਤਕਾ ਖੇਡ ਦੇ ਬਹੁਤ ਉੱਚ ਕੋਈ ਦੇ ਖਿਡਾਰੀ ਹੁੰਦੇ ਸਨ,ਜਿਹੜੇ ਇਕ ਚਾਰ ਪਾਵਿਆਂ ਵਾਲੇ ਮੰਜੇ ਹੇਠ ਇੱਕ ਕਾਂ ( Crow ) ਨੂੰ ਵਾੜ ਦਿੰਦੇ ਸਨ ਤੇ ਫੇਰ ਗਤਕਾ ਸ਼ਸਤ੍ਰ ਨਾਲ ਅਜਿਹੀ ਫੁਰਤੀ ਨਾਲ ਵਾਰ ਕਰਦੇ ਸਨ ਕਿ ਕਾਂ ਵਰਗਾ ਚੁਸਤ ਚਲਾਕ ਪੰਛੀ ਉਸ ਮੰਜੇ ਹੇਠੋਂ ਬਾਹਰ ਨਹੀਂ ਸੀ ਨਿਕਲ ਸਕਦਾ। ਵੱਖੋ - ਵੱਖ ਅਖਾੜਿਆਂ ਅੰਦਰ ਇਸ ਖੇਡ ਦੇ ਵੱਖ - ਵੱਖ ਵਾਰ ਦੱਸੇ ਜਾਂਦੇ ਹਨ ਕਹਿਣ ਦਾ ਭਾਵ ਕਿ ਕੋਈ ੧੬, ਕੋਈ ੪੮, ਕੋਈ ੮੪ ਤੇ ਕੋਈ ੧੦੧ ਅਤੇ ਕੋਈ ਇਸਤੋਂ ਵੱਧ ਦੇ ਵਾਰ ਵੀ ਦਸਦੇ ਹਨ ਪਰ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਇਸਦੇ ਸਿਰਫ਼ ਦੋ ਵਾਰ ਰੋਕਣਾ ਤੇ ਠੋਕਣਾ ਹੀ ਦਸਦੇ ਹਨ। ਵਿਦਵਾਨਾਂ ਦੀ ਨਜ਼ਰ ਵਿਚ ਇਸਦੇ ਤਿੰਨ ਵਾਰ ਹੋਰ ਹਨ,ਜਿਵੇਂ ੧. ਸਾਂਝਾ, ੨. ਸਾਂਵਾ ਤੇ ੩. ਸਪੱਸ਼ਟ ਭਾਵ ਸਾਂਝਾ ਵਾਰ ਉਹ ਜੋ ਦੋਂਵੇ ਖਿਡਾਰੀ ਇੱਕਠੇ ਇਕ ਦੂਜੇ ਨੂੰ ਇੱਕੋ ਸਮੇਂ ਮਾਰਨ, ਦੂਸਰਾ ਸਾਂਵਾਂ ਵਾਰ ਉਹ ਜੋ ਇਕ ਖਿਡਾਰੀ ਵਾਰ ਮਾਰੇ ਤੇ ਦੂਸਰਾ ਖਿਡਾਰੀ ਉਸਦੇ ਜਵਾਬ ਵਿਚ ਵਾਰ ਮਾਰੇ ਤੇ ਤੀਜਾ ਸਪਸ਼ਟ ਵਾਰ ਉਹ ਜਿਹੜਾ ਇਕ ਖਿਡਾਰੀ ਵਾਰ ਮਾਰ ਦੇਵੇ ਤੇ ਦੂਸਰਾ ਮਾਰ ਨਾ ਸਕੇ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਿਡਾਰੀ ਇਸ ਖੇਡ ਨੂੰ ਖੇਡਦੇ ਹਨ। ਇੰਝ ਹੀ ਗਤਕਾ ਸੋਟੀ ਤੇ ਤਿੰਨ ਗੁਣ ਮੰਨੇ ਜਾਂਦੇ ਹਨ,੧. ਝਾਰ, ੨. ਵਾਰ ੩. ਮਾਰ ਭਾਵ ਝਾਰ - ਮੁੱਠ ਤੋਂ ਬਚਾਉਂਦੀ ਹੈ,ਵਾਰ - ਰੋਕਦੀ ਹੈ,ਮਾਰ - ਮਾਰਦੀ ਹੈ।

ਕੁਝ ਸਮਾਂ ਪਹਿਲਾਂ ਤੱਕ ਗਤਕਾ ਖੇਡ ਤਕਰੀਬਨ ਆਲੋਪ ਹੋਣ ਦੇ ਕੰਢੇ ਪਹੁੰਚ ਚੁੱਕੀ ਸੀ ਪਰ ਗਤਕਾ ਫੈਡਰਸ਼ਨ ਆਫ਼ ਇੰਡੀਆ ( ਰਜਿ.) ਦੇ ਕਿਤੇ ਜਾ ਰਹੇ ਉਪਰਾਲਿਆਂ ਤੇ ਕੋਸਿਸ਼ਾਂ ਸਦਕਾ ਗਤਕਾ ਇਕ ਰਾਸ਼ਟਰੀ ਖੇਡ ਬਣ ਚੁੱਕੀ ਹੈ।